ਬੋਲੀ ਏ ਪੰਜਾਬੀ ਸਾਡੀ
ਬੁੱਲਾ ਤੇ ਫ਼ਰੀਦ ਜਦੋਂ ਇਹਦੇ ਵਿੱਚ ਬੋਲਦੇ,
ਪੌਣਾਂ ਵਿੱਚ ਗੁੜ ਦੀ ਮਿਠਾਸ ਜਿਹੀ ਘੋਲਦੇ।
ਨਾਨਕ ਨੇ ਬਾਲੀ ਇਹਦੇ ਨੈਣਾਂ ’ਚ ਮਤਾਬੀ,
ਬੋਲੀ ਏ ਪੰਜਾਬੀ ਸਾਡੀ ਬੋਲੀ ਏ ਪੰਜਾਬੀ।
ਇਹਦੇ ਮੱਥੇ ਤਾਰੇ ਜੜੇ ਗੋਬਿੰਦ ਦੇ ਗੇਲਿਆਂ,
ਇਹਨੂੰ ਚਾਰ ਚੰਨ ਲਾਏ ਨਲੂਏ, ਬਘੇਲਿਆਂ।
ਭਰੀ ਸਾਡੇ ਸਾਹੀਂ ਜਿਸ ਅਣਖਾਂ ਦੀ ਚਾਬੀ,
ਬੋਲੀ ਏ ਪੰਜਾਬੀ ਸਾਡੀ…
ਦੱਸਿਆ ਏ ਇਹਨੇ ਸਾਨੂੰ ਗੋਰਿਆਂ ਨਾਲ ਲੜਨਾ,
ਦੱਸਿਆ ਏ ਇਹਨੇ ਸਾਨੂੰ ਤੋਪਾਂ ਅੱਗੇ ਖੜ੍ਹਨਾ।
ਭਗਤ ਸਿੰਘ ਕੀਤੀ ਇਹਦੀ ਸੁਰ ਇਨਕਲਾਬੀ,
ਬੋਲੀ ਏ ਪੰਜਾਬੀ ਸਾਡੀ…
ਚੰਗਾ ਚੰਗਾ ਲੱਗੇ ਸਾਨੂੰ ਇਹਦੇ ਵਿਹੜੇ ਵੱਸਣਾ,
ਚੰਗਾ ਚੰਗਾ ਲੱਗੇ ਸਾਨੂੰ ਇਹਦੇ ਵਿੱਚ ਹੱਸਣਾ।
ਇਹਦੇ ਵਿੱਚ ਲੁਕੀ ਹੋਈ ਸਾਡੀ ਕਾਮਯਾਬੀ,
ਬੋਲੀ ਏ ਪੰਜਾਬੀ ਸਾਡੀ…
ਬੋਲੀ ਇਹ ਕੰਮੀਆਂ ਤੇ ਬੋਲੀ ਵਾਹੀਵਾਨਾਂ ਦੀ,
ਬੋਲੀ ਇਹ ਬੱਚੇ, ਬੁੱਢੇ, ਬੀਬੀਆਂ ਰਕਾਨਾਂ ਦੀ।
ਪੰਜ ਦਰਿਆਵਾਂ ਦੀ ਇਹ ਨੱਢੀ ਪੰਜ-ਆਬੀ,
ਬੋਲੀ ਇਹ ਪੰਜਾਬੀ ਸਾਡੀ…
ਮਾਝੇ ਅਤੇ ਮਾਲਵੇ ’ਚ ਇਹਦੀ ਸਰਦਾਰੀ ਏ,
ਲਹਿੰਦੀ ਪੋਠੋਹਾਰੀ ਦੀ ਵੀ ਆਪਣੀ ਖੁਮਾਰੀ ਏ।
ਪਿਆਰ ਨਾਲ ‘ਬੇਬੇ’ ਇਹਨੂੰ ਕਹਿੰਦੇ ਨੇ ਦੁਆਬੀ,
ਬੋਲੀ ਏ ਪੰਜਾਬੀ ਸਾਡੀ…
ਇਹਦੇ ਬਿਨਾਂ ਗਿੱਧੇ ਵਿੱਚ ਪੈਂਦੀ ਨਾ ਧਮਾਲ ਜੀ,
ਇਹਦੇ ਬਿਨਾਂ ਭੰਗੜੇ ’ਚ ਵੱਜਦੀ ਨਾ ਛਾਲ ਜੀ।
ਇਹਦੇ ਬਿਨਾਂ ਵੈਣ ਕਾਹਦੀ ਅੱਖਾਂ ’ਚ ਸਲ੍ਹਾਬੀ,
ਬੋਲੀ ਏ ਪੰਜਾਬੀ ਸਾਡੀ…
ਇਹਦੇ ਬਿਨਾਂ ਵੱਜਦਾ ਨਾ ਘੜਾ ਤੇ ਘੜੋਲੜੀ,
ਇਹਦੇ ਬਿਨਾਂ ਉੱਠਦੀ ਨਾ ਧੀ ਦੀ ਘਰੋਂ ਡੋਲੜੀ।
ਇਹਦੇ ਬਿਨਾਂ ਖਿੜਦੀ ਨਾ ਰੁੱਤ ਕੋਈ ਗੁਲਾਬੀ,
ਬੋਲੀ ਏ ਪੰਜਾਬੀ ਸਾਡੀ…
ਮਾਸੀਆਂ ਤੇ ਮਾਮੀਆਂ ਨੂੰ ਸਿਰ ’ਤੇ ਬਿਠਾਈ ਫਿਰੇ,
‘ਚਰਨ’ ਸਕੀ ਮਾਂ ਨਾਲ ਮਾਰਦਾ ਭਕਾਈ ਫਿਰੇ।
ਇਹਦੇ ਵਿੱਚ ਦੱਸ ਭਲਾ ਕਿਹੜੀ ਏ ਖਰਾਬੀ?
ਬੋਲੀ ਏ ਪੰਜਾਬੀ ਸਾਡੀ ਬੋਲੀ ਏ ਪੰਜਾਬੀ।
