ਕਲਾਕਾਰਾਂ ਦੀਆਂ ਕ੍ਰਿਤਾਂ ਦੇ ਰੂਪ ‘ਚ ਦਿਸਦੀ ਸੱਭਿਆਚਾਰ ਦੀ ਤਸਵੀਰ

ਬੁੱਤਾਂ ਵਿਚ ਭਾਵੇਂ ਜਾਨ ਨਾ ਪਾਈ ਜਾ ਸਕਦੀ ਹੋਵੇ, ਪਰ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੂਪ ਦੇਣ ਵਾਲੇ ਦੀ ਕਲਾ ‘ਤੇ ਮਣਾਂ-ਮੂੰਹੀਂ ਮਾਣ ਹੁੰਦਾ ਹੈ। ਪੰਜਾਬੀ ਸੱਭਿਆਚਾਰ ਨਾਲ ਸਬੰਧਤ ਬਹੁਤ ਸਾਰੀਆਂ ਚੀਜ਼ਾਂ ਹੁਣ ਉਨ੍ਹਾਂ ਕਲਾਕਾਰਾਂ ਦੀਆਂ ਕ੍ਰਿਤਾਂ ਦੇ ਰੂਪ ਵਿਚ ਹੀ ਦਿਸਦੀਆਂ ਨੇ, ਜਿਨ੍ਹਾਂ ਦੇ ਹੱਥਾਂ ਦਾ ਹੁਨਰ ਸਾਨੂੰ ਅਤੀਤ ਦੀ ਸੈਰ ਕਰਾ ਛੱਡਦਾ ਏ। ਉਨ੍ਹਾਂ ਦੀਆਂ ਇਹ ਕ੍ਰਿਤਾਂ ਦਿਖਾ ਛੱਡਦੀਆਂ ਨੇ ਕਿ ਕੋਈ ਵੇਲ਼ਾ ਸੀ, ਜਦੋਂ ਪੰਜਾਬੀ ਬੇਹੱਦ ਸਰਲ, ਸਾਦੇ ਤੇ ਸਾਊ ਹੁੰਦੇ ਸਨ। ਹੱਥੀਂ ਮੁਸ਼ੱਕਤ ਕਰਨਾ ਉਨ੍ਹਾਂ ਦੀ ਆਦਤ ਦਾ ਹਿੱਸਾ ਸੀ, ਜਿਹੜਾ ਅੱਜ ਬਹੁਤ ਘੱਟ ਦਿਖਾਈ ਦਿੰਦਾ ਏ।
ਇਸ ਤਸਵੀਰ ਨੂੰ ਗੌਰ ਨਾਲ ਦੇਖਦਿਆਂ ਬਹੁਤ ਸਾਰੇ ਸਵਾਲ ਜ਼ਿਹਨ ਵਿਚ ਆ ਖਲੋਂਦੇ ਨੇ। ਪਹਿਲਾ ਇਹ ਕਿ ਕਲਾਕਾਰ ਨੇ ਕਿੰਨੀ ਮਿਹਨਤ ਨਾਲ ਉਹ ਵੇਲ਼ਾ ਚਿਤਰਿਆ, ਜਦੋਂ ਹਰ ਘਰ ਵਿਚ ਬੀਬੀਆਂ ਇਸ ਤਰ੍ਹਾਂ ਦਰੀਆਂ ਬੁਣਨ ਦਾ ਕੰਮ ਕਰਦੀਆਂ ਸਨ। ਦੂਜਾ ਇਹ ਕਿ ਅੱਜ ਵੇਲ਼ਾ ਤਸਵੀਰਾਂ ਖਿੱਚਣ ਨੂੰ ਵੀ ਬਹੁਤ ਘੱਟ ਮਿਲਦਾ ਏ, ਤੀਜਾ ਇਹ ਕਿ ਸਾਦੀਆਂ ਚੀਜ਼ਾਂ ਨਾਲੋਂ ਸਾਡਾ ਮੋਹ ਭੰਗ ਹੋ ਚੁੱਕਾ ਏ ਤੇ ਚੌਥਾ ਇਹ ਕਿ ਫ਼ੈਸ਼ਨ ਦੇ ਦੌਰ ਵਿਚ ਹੱਥੀਂ ਕੰਮ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਗਈ, ਕਿਉਂਕਿ ਫ਼ੈਸ਼ਨ ਦੀ ਮੰਡੀ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਬਦਲਦੀ ਰਹਿੰਦੀ ਏ।
ਪੰਜਾਬ ਦੀ ਆਰਥਿਕਤਾ ਨੂੰ ਲੱਗੇ ਖੋਰੇ ਦਾ ਸਭ ਤੋਂ ਵੱਡਾ ਕਾਰਨ ਸਾਡੀ ਸੋਚ ਦਾ ਹੱਥੀਂ ਮਿਹਨਤ ਕਰਨ ਤੋਂ ਦੌੜਨਾ ਹੈ। ਹਰ ਚੀਜ਼ ਨੂੰ ਪੈਸੇ ਨਾਲ ਖਰੀਦਣ ਵਾਲੀ ਪਿਰਤ ਨੇ ਕਿੰਨਾ ਕੁਝ ਖੋਹ ਲਿਆ ਏ ਸਾਡੇ ਕੋਲੋਂ। ਕੋਈ ਵੇਲ਼ਾ ਸੀ, ਜਦੋਂ ਔਰਤਾਂ ਦਰੀਆਂ ਬੁਣਨ ਦਾ ਕੰਮ ਹੱਥੀਂ ਕਰਦੀਆਂ ਸਨ। ਪਹਿਲਾਂ ਰੂੰ ਪਿੰਜਾਈ ਜਾਂਦੀ ਸੀ, ਫੇਰ ਉਸ ਦੀਆਂ ਪੂਣੀਆਂ ਵੱਟੀਦੀਆਂ, ਫੇਰ ਚਰਖਾ ਕੱਤਿਆ ਜਾਂਦਾ, ਫੇਰ ਸੂਤ ਦੀਆਂ ਛਿੱਬਾਂ ਨੂੰ ਰੰਗ ਦਿੱਤਾ ਜਾਂਦਾ ਤੇ ਫੇਰ ਉਸ ਸੂਤ ਦੀਆਂ ਦਰੀਆਂ-ਖੇਸ ਬਣਾਏ ਜਾਂਦੇ। ਇਹ ਸਾਰਾ ਮਿਹਨਤ ਦੀ ਮੰਗ ਕਰਦਾ ਸੀ ਤੇ ਮਿਹਨਤ ਕਰਨ ਲਈ ਸਾਡੇ ਕੋਲ ਸਮਾਂ ਵੀ ਸੀ ਤੇ ਆਦਤ ਵੀ। ਪਰ ਨਵੇਂ ਦੌਰ ਵਿਚ ਨਾ ਵਕਤ ਰਿਹਾ ਤੇ ਨਾ ਹੀ ਮਿਹਨਤ ਦੀ ਆਦਤ। ਪੇਟੀਆਂ ਵਿਚ ਪਈਆਂ ਨਵੀਂਆਂ ਦਰੀਆਂ ਦੀ ਅੱਜ ਬਹੁਤੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਤੇ ਇਨ੍ਹਾਂ ਦੀ ਥਾਂ ਹੋਰ ਸੌ ਚੀਜ਼ਾਂ ਆ ਗਈਆਂ ਨੇ। ਮਾਲਵੇ ਵਿਚ ਥੋੜ੍ਹੇ ਬਹੁਤ ਘਰ ਦਿਸ ਪੈਂਦੇ ਨੇ, ਜਿੱਥੇ ਦਰੀਆਂ, ਖੇਸਾਂ ਦੀ ਬੁਣਾਈ ਦਾ ਕੰਮ ਕੀਤਾ ਜਾਂਦਾ ਏ, ਪਰ ਇਹ ਦ੍ਰਿਸ਼ ਸਿਰਫ਼ ਉਦਾਹਰਣਾਂ ਜੋਗੇ ਹੀ ਹਨ। ਫ਼ੈਸ਼ਨ ਦੇ ਦੌਰ ਨੇ ਹੱਥਾਂ ਦੀ ਮਿਹਨਤ ਨਹੀਂ ਰਹਿਣ ਦਿੱਤੀ, ਸਗੋਂ ਹੱਥ ਸਿਰਫ਼ ਜੇਬ 'ਚੋਂ ਪੈਸੇ ਕੱਢ ਕੇ ਬਾਜ਼ਾਰ ਨੂੰ ਦੇਣ ਤੱਕ ਸੀਮਤ ਹੋ ਕੇ ਰਹਿ ਗਏ ਨੇ। ਸਿਆਣੀ ਉਮਰ ਦੀਆਂ ਔਰਤਾਂ ਕੋਲ ਬੈਠਿਆਂ ਲੰਘੇ ਵੇਲ਼ੇ ਦੀਆਂ ਰਸਭਿੰਨੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਉਹ ਦੱਸਦੀਆਂ ਨੇ, 'ਕੁੜੀਆਂ-ਚਿੜੀਆਂ ਹੱਥਾਂ ਦੀਆਂ 'ਸੁੱਚੀਆਂ’ ਭਾਵ ਹੁਨਰਮੰਦ ਹੋਣੀਆਂ ਜ਼ਰੂਰੀ ਸਨ, ਪਰ ਅੱਜ ਹੁਨਰ ਦਾ ਵੀ ਰੂਪ ਬਦਲ ਚੁੱਕਾ ਏ। ਹੁਣ ਹਰ ਚੀਜ਼ ਦੀ ਟੇਕ ਬਾਜ਼ਾਰ 'ਤੇ ਹੈ, ਜਦਕਿ ਪਹਿਲੇ ਵੇਲ਼ੇ ਵਿਚ ਬਾਜ਼ਾਰੋਂ ਸਿਰਫ਼ ਉਹ ਚੀਜ਼ ਲਈਦੀ ਸੀ, ਜਿਹੜੀ ਘਰ ਤਿਆਰ ਕਰਨੀ ਔਖੀ ਹੋਵੇ।’
ਕੁਝ ਹੀ ਸਾਲਾਂ ਵਿਚ ਪੰਜਾਬ ਤੇ ਪੰਜਾਬੀਆਂ ਵਿਚ ਆਈ ਤਬਦੀਲੀ ਹੈਰਾਨ ਵੀ ਕਰਦੀ ਏ ਤੇ ਪ੍ਰੇਸ਼ਾਨ ਵੀ। ਹੈਰਾਨ ਇਸ ਗੱਲੋਂ ਕਿ 'ਰੁੱਤ ਨਵਿਆਂ ਦੀ ਆਈ ਏ’ ਵਾਲੀ ਗੱਲ ਹਰ ਥਾਂ ਲਾਗੂ ਹੋ ਰਹੀ ਏ ਤੇ ਪ੍ਰੇਸ਼ਾਨੀ ਇਸ ਗੱਲ ਦੀ ਕਿ ਨਵੇਂ ਦੌਰ ਵਿਚ ਸਾਡੀ ਆਰਥਿਕਤਾ ਨੂੰ ਵੀ ਤਕੜਾ ਰਗੜਾ ਲੱਗਾ ਹੈ।
diamond-devil







thislove-isbraveand-wild